Friday, November 22, 2024
 

ਪੰਜਾਬ

ਕਿਸਾਨਾਂ ਵਿਰੁਧ ਭੁਗਤ ਕੇ ਅਕਾਲੀ ਦਲ ਨੂੰ ਕਿਸਾਨਾਂ ਪ੍ਰਤੀ ਹੇਜ ਦਿਖਾਉਣ ਦਾ ਕੋਈ ਹੱਕ ਨਹੀਂ : ਕੈਪਟਨ

July 21, 2020 08:51 AM

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਿਸਾਨਾਂ ਦੀ ਸਥਿਤੀ 'ਤੇ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸਮਰਥਨ ਨਾਲ ਕੇਂਦਰ ਸਰਕਾਰ ਵਲੋਂ ਪਾਸੇ ਕੀਤੇ ਖੇਤੀ ਆਰਡੀਨੈਂਸਾਂ ਨੇ ਕਿਸਾਨਾਂ ਦੀ ਜਾਨ ਸੂਲੀ ਉੱਤੇ ਟੰਗੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਇਨ੍ਹਾਂ ਆਰਡੀਨੈਂਸਾਂ, ਜੋ ਸਪੱਸ਼ਟ ਤੌਰ 'ਤੇ ਘੱਟੋ-ਘੱਟ ਸਮਰਥਨ ਮੁੱਲ ਦਾ ਅੰਤ ਕਰ ਦੇਣ ਵਲ ਪਹਿਲਾ ਕਦਮ ਹੈ, ਦੇ ਹੱਕ ਵਿਚ ਭੁਗਤਣ ਨਾਲ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੇ ਢਕਵੰਜ ਤੋਂ ਪਰਦਾ ਚੱਕ ਦਿਤਾ ਹੈ ਜਦਕਿ ਇਨ੍ਹਾਂ ਦੇ ਸ਼ਾਸਨਕਾਲ ਦੌਰਾਨ ਕਿਸਾਨਾਂ ਦੀ ਸਥਿਤੀ ਨਿੱਘਰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਦੀ ਪਤਨੀ ਅਤੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਵੀ ਕੇਂਦਰੀ ਮੰਤਰੀ ਵਜੋਂ ਇਨ੍ਹਾਂ ਆਰਡੀਨੈਂਸਾਂ ਦੀ ਪ੍ਰਵਾਨਗੀ 'ਤੇ ਮੋਹਰ ਲਾਉਣ ਵਾਲੀ ਵਜ਼ਾਰਤ ਵਿਚ ਸ਼ਾਮਲ ਸੀ।
ਘੱਟੋ-ਘੱਟ ਸਮਰਥਨ ਮੁੱਲ 'ਤੇ ਕੇਂਦਰ ਸਰਕਾਰ ਪਾਸੋਂ ਸਪੱਸ਼ਟੀਕਰਨ ਲੈਣ ਲਈ ਸੁਖਬੀਰ ਬਾਦਲ ਵਲੋਂ ਕਿਸਾਨ ਜਥੇਬੰਦੀਆਂ ਦੇ ਵਫ਼ਦ ਦੀ ਅਗਵਾਈ ਕਰਨ ਦੀ ਕੀਤੀ ਪੇਸ਼ਕਸ਼ ਦੀ ਖਿੱਲੀ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੋਂ ਪਤਾ ਲਗਦਾ ਹੈ ਕਿ ਸੁਖਬੀਰ ਬਾਦਲ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਅਣਜਾਣ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਆਰਡੀਨੈਂਸ, ਜਿਨ੍ਹਾਂ ਨੂੰ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੀ ਲੀਹ 'ਤੇ ਲਿਆਂਦਾ ਗਿਆ ਹੈ, ਭਾਰਤ ਦੇ ਸੰਘੀ ਢਾਂਚੇ ਦੇ ਪੂਰੀ ਤਰ੍ਹਾਂ ਵਿਰੁਧ ਹਨ ਜਿਸ ਨੇ ਘੱਟ-ਘੱਟ ਸਮਰਥਨ ਮੁੱਲ ਦੀ ਪ੍ਰਣਾਲੀ ਨੂੰ ਖ਼ਤਮ ਕਰਨ ਦਾ ਵੀ ਸੁਝਾਅ ਦਿਤਾ। ਉਨ੍ਹਾਂ ਕਿਹਾ ਕਿ ਜੇਕਰ ਸਿਫ਼ਾਰਸ਼ਾਂ ਨੂੰ ਆਰਡੀਨੈਂਸਾਂ 'ਤੇ ਲਾਗੂ ਕਰ ਦਿਤਾ ਜਾਂਦਾ ਹੈ ਤਾਂ ਇਹ ਅਨੁਮਾਨ ਤਰਕਸੰਗਤ ਹੈ ਕਿ ਛੇਤੀ ਹੀ ਸਮਰਥਨ ਭਾਅ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਹਿੱਤਾਂ ਅਤੇ ਖਾਸ ਤੌਰ 'ਤੇ ਨਿੱਜੀ ਅਤੇ ਅਪਣੀ ਪਤਨੀ ਦੇ ਹਿੱਤਾਂ ਦੀ ਰਾਖੀ ਖਾਤਰ ਇਨ੍ਹਾਂ ਤੱਥਾਂ ਨੂੰ ਅਣਗੌਲਿਆ ਕਰ ਰਿਹਾ ਹੈ।

 

Have something to say? Post your comment

 
 
 
 
 
Subscribe